1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

ਪੌਲੀਐਵ ਨੂੰ ਸਦਨ ਚੋਂ ਬਾਹਰ ਕਰਨ ’ਤੇ ਕੰਜ਼ਰਵੇਟਿਵਜ਼ ਤੇ ਬਲੌਕ ਦੇ ਐਮਪੀਜ਼ ਨੇ ਸਪੀਕਰ ਤੋਂ ਮੰਗਿਆ ਅਸਤੀਫ਼ਾ

ਮੰਗਲਵਾਰ ਨੂੰ ਮਾੜੀ ਸ਼ਬਦਾਵਲੀ ਕਰਕੇ ਸਪੀਕਰ ਨੇ ਪੀਅਰ ਪੌਲੀਐਵ ਨੂੰ ਸਦਨ ਚੋਂ ਬਾਹਰ ਕੱਢ ਦਿੱਤਾ ਸੀ

ਸਪੀਕਰ ਗ੍ਰੈਗ ਫ਼ਰਗਸ 17 ਅਪ੍ਰੈਲ 2024 ਨੂੰ ਹਾਊਸ ਔਫ਼ ਕੌਮਨਜ਼ ਦੀ ਅਗਵਾਈ ਕਰਦੇ ਹੋਏ।

ਸਪੀਕਰ ਗ੍ਰੈਗ ਫ਼ਰਗਸ 17 ਅਪ੍ਰੈਲ 2024 ਨੂੰ ਹਾਊਸ ਔਫ਼ ਕੌਮਨਜ਼ ਦੀ ਅਗਵਾਈ ਕਰਦੇ ਹੋਏ।

ਤਸਵੀਰ: La Presse canadienne / Adrian Wyld

RCI

ਟ੍ਰੂਡੋ ਨੂੰ ‘ਸਨਕੀ’ (wacko) ਕਹਿਣ ਵਾਲੀ ਪੀਅਰ ਪੌਲੀਐਵ ਦੀ ਟਿੱਪਣੀ ਕਰਕੇ ਸਪੀਕਰ ਵੱਲੋਂ ਪੌਲੀਐਵ ਨੂੰ ਸਦਨ ਚੋਂ ਕੱਢਣ ਦੇ ਫ਼ੈਸਲੇ ‘ਤੇ ਕੰਜ਼ਰਵੇਟਿਵਜ਼ ਐਮਪੀਜ਼ ਨੇ ਬੁੱਧਵਾਰ ਨੂੰ ਸਪੀਕਰ ਗ੍ਰੈਗ ਫ਼ਰਗਸ ਕੋਲੋਂ ਅਸਤੀਫ਼ੇ ਦੀ ਮੰਗ ਕੀਤੀ।

ਉਨ੍ਹਾਂ ਐਮਪੀਜ਼ ਨੇ ਫ਼ਰਗਸ ਨੂੰ ਸ਼ਰਮਨਾਕ ਅਤੇ ਪੱਖਪਾਤੀ ਆਖਦਿਆਂ ਕਿਹਾ ਕਿ ਫ਼ਰਗਸ ਹੁਣ ਹਾਊਸ ਦਾ ਸੰਚਾਲਨ ਨਹੀਂ ਕਰ ਸਕਦੇ ਅਤੇ ਉਨ੍ਹਾਂ ਨੂੰ ਸਪੀਕਰ ਦੇ ਅਹੁਦੇ ਤੋਂ ਪਾਸੇ ਹੋਣਾ ਚਾਹੀਦਾ ਹੈ।

ਸਪੀਕਰ ਦੇ ਦਫ਼ਤਰ ਦੇ ਬੁਲਾਰੇ ਨੇ ਸੀਬੀਸੀ ਨਿਊਜ਼ ਨੂੰ ਦੱਸਿਆ ਕਿ ਗ੍ਰੈਗ ਫ਼ਰਗਸ ਦਾ ਅਸਤੀਫ਼ਾ ਦੇਣ ਦਾ ਕੋਈ ਇਰਾਦਾ ਨਹੀਂ ਹੈ।

ਲਿਬਰਲ ਐਮਪੀਜ਼ ਨੇ ਕਿਹਾ ਕਿ ਪੌਲੀਐਵ ਨੇ ਸਪੀਕਰ ਦੀ ਅਥੌਰਟੀ ਅਤੇ ਪ੍ਰਧਾਨ ਮੰਤਰੀ ਦਾ ਅਪਮਾਨ ਕੀਤਾ ਹੈ।

ਵਿਦੇਸ਼ ਮੰਤਰੀ ਮੈਲੇਨੀ ਜੋਲੀ ਨੇ ਕਿਹਾ ਕਿ ਵਿਰੋਧੀ ਧਿਰ ਦੇ ਲੀਡਰ ਨੂੰ ਬੱਚਿਆਂ ਵਾਂਗ ਹਰਕਤਾਂ ਬੰਦ ਕਰਨੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਕੈਨੇਡੀਅਨਜ਼ ਸਾਡੇ ਕੋਲੋਂ ਕੰਮ ਕਰਨ ਦੀ ਉਮੀਦ ਕਰਦੇ ਹਨ।

ਹਾਊਸਿੰਗ ਮਿਨਿਸਟਰ ਸ਼ੌਨ ਫ਼੍ਰੇਜ਼ਰ ਨੇ ਕਿਹਾ ਕਿ ਪੌਲੀਐਵ ਨੇ ਟ੍ਰੂਡੋ ‘ਤੇ ਤਲਖ਼ ਟਿੱਪਣੀ ਇਸ ਕਰਕੇ ਕੀਤੀ ਕਿਉਂਕਿ ਟ੍ਰੂਡੋ ਨੇ ਪੌਲੀਐਵ ਦੇ ਅੱਤ ਸੱਜੇ-ਪੱਖੀ ਸਮੂਹਾਂ ਨਾਲ ਨੇੜਤਾ ਹੋਣ ‘ਤੇ ਉਨ੍ਹਾਂ ਨੂੰ ਭੰਡਿਆ ਸੀ।

ਫ਼੍ਰੇਜ਼ਰ ਨੇ ਕਿਹਾ ਕਿ ਪੌਲੀਐਵ ਦੀ ‘ਸਨਕੀ’ ਕਹਿਣ ਵਾਲੀ ਟਿੱਪਣੀ ਕੁਝ ਖ਼ਾਸ ਤਰ੍ਹਾਂ ਦੇ ਵੋਟਰਾਂ ਨੂੰ ਲੁਭਾਉਣ ਅਤੇ ਉਨ੍ਹਾਂ ਕੋਲੋਂ ਚੰਦਾ ਲੈਣ ਲਈ ਇੱਕ ਸਿਆਸੀ ਜੁਮਲਾ ਸੀ, ਜਿਸ ਨਾਲ ਉਨ੍ਹਾਂ ਵੋਟਰਾਂ ਨੂੰ ਲੱਗੇ ਕਿ ਪੌਲੀਐਵ ਉਨ੍ਹਾਂ ਲੋਕਾਂ ਦਾ ਸਾਥ ਦੇਣਗੇ।

ਕੰਜ਼ਰਵੇਟਿਵ ਐਮਪੀ ਮਾਈਕਲ ਕੂਪਰ ਨੇ ਕਿਹਾ, ਸਪੀਕਰ ਨੂੰ ਅਸਤੀਫ਼ਾ ਦੇਣਾ ਚਾਹੀਦਾ ਹੈ। ਇਹ ਸ਼ਰਨਮਾਕ ਹੈ

ਕੰਜ਼ਰਵੇਟਿਵ ਐਮਪੀ ਸਕੌਟ ਐਚੀਸਨ ਨੇ ਕਿਹਾ, ਮੇਰਾ ਇਸ ਸਪੀਕਰ ਵਿਚ ਕਦੇ ਵੀ ਭਰੋਸਾ ਨਹੀਂ ਸੀ। ਇਹ ਇੱਕ ਲਿਬਰਲ ਪੱਖਪਾਤੀ ਹੈ

ਐਨਡੀਪੀ ਐਮਪੀ ਪੀਟਰ ਜੁਲੀਅਨ ਨੇ ਕਿਹਾ ਕਿ ਪੌਲੀਐਵ ਨੂੰ ਸਦਨ ਚੋਂ ਬਾਹਰ ਕਰਕੇ ਸਪੀਕਰ ਨੇ ਬਿਲਕੁਲ ਠੀਕ ਕੀਤਾ।

ਬਲੌਕ ਲੀਡਰ ਈਵ-ਫ਼੍ਰੈਂਸੁਆ ਬਲੌਂਸ਼ੇਟ ਨੇ ਮੰਗਲਵਾਰ ਨੂੰ ਫ਼ਰਗਸ ਦੀ ਤਾਰੀਫ਼ ਕੀਤੀ ਸੀ, ਹਾਲਾਂਕਿ ਉਨ੍ਹਾਂ ਦੀ ਪਾਰਟੀ ਦੇ ਹਾਊਸ ਲੀਡਰ ਨੇ ਵੱਖਰੀ ਸੁਰ ਅਪਣਾਈ।

ਬਲੌਕ ਐਮਪੀ ਅਲੇਨ ਥੈਰੇਨ ਨੇ ਕਿਹਾ ਕਿ ਫ਼ਰਗਸ ਨੂੰ ਪਿਛਲੇ ਲੰਬੇ ਸਮੇਂ ਤੋਂ ਪਾਰਲੀਮੈਂਟ ਵਿਚ ਸ਼ਾਂਤੀ ਬਣਾਈ ਰੱਖਣ ਵਿਚ ਮੁਸ਼ਕਿਲ ਆ ਰਹੀ ਹੈ, ਅਤੇ ਸਾਡਾ ਸੋਚਣਾ ਹੈ ਕਿ ਉਨ੍ਹਾਂ ਨੂੰ ਅਹੁਦਾ ਛੱਡ ਦੇਣਾ ਚਾਹੀਦਾ ਹੈ।

ਮੰਗਲਵਾਰ ਦੇ ਪ੍ਰਸ਼ਨ ਕਾਲ ਦੇ ਦੌਰਾਨ, ਟ੍ਰੂਡੋ ਨੇ ਅੱਤ-ਸੱਜੇ ਪੱਖੀ ਸਮੂਹਾਂ ਅਤੇ ਇੱਕ ਅਮਰੀਕੀ ਸਾਜ਼ਿਸ਼ੀ ਸਿਧਾਂਤਘਾੜੇ ਵੱਲੋਂ ਪੌਲੀਐਵ ਨੂੰ ਮਿਲੇ ਸਮਰਥਨ ਤੋਂ ਉਹਨਾਂ (ਪੌਲੀਐਵ) ਦੁਆਰਾ ਸਪੱਸ਼ਟ ਰੂਪ ਵਿੱਚ ਤਿਆਗਣ ਤੋਂ ਇਨਕਾਰ ਕਰਨ ਲਈ ਪੌਲੀਐਵ ਨੂੰ (spineless) ਕਮਜ਼ੋਰ ਅਤੇ ਅਨੈਤਿਕ ਆਖਿਆ ਸੀ।

ਪੌਲੀਐਵ ਨੇ ਉਲਟਾ ਹਮਲਾ ਕਰਦੇ ਹੋਏ, ਓਵਰਡੋਜ਼ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਨੂੰ ਘਟਾਉਣ ਦੀ ਕੋਸ਼ਿਸ਼ ਵਿੱਚ ਬੀ.ਸੀ. ਦੀ ਕੁਝ ਹਾਰਡ ਦਵਾਈਆਂ ਦਾ ਗ਼ੈਰ-ਅਪਰਾਧੀਕਰਨ ਕਰਨ ਦੀ ਪੁਰਾਣੀ ਨੀਤੀ ਦਾ ਸਮਰਥਨ ਕਰਨ ਲਈ ਟ੍ਰੂਡੋ ਨੂੰ ‘ਸਨਕੀ’ ਆਖਿਆ ਸੀ।

ਬਾਅਦ ਵਿੱਚ, ਸੋਸ਼ਲ ਮੀਡੀਆ 'ਤੇ, ਪੌਲੀਐਵ ਨੇ ਕਿਹਾ ਕਿ ਫਰਗਸ ਬੀ.ਸੀ. ਵਿੱਚ ਕੁਝ ਹਾਰਡ ਡਰੱਗਜ਼ ਨੂੰ ਅਪਰਾਧਕ ਦਾਇਰੇ ਤੋਂ ਬਾਹਰ ਕਰਨ ਦੇ ਸਰਕਾਰ ਦੇ ਪਿਛਲੇ ਫੈਸਲੇ ਬਾਰੇ ਸਖ਼ਤ ਸਵਾਲਾਂ ਤੋਂ ਟ੍ਰੂਡੋ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਸੀ।

ਜੌਨ ਪੌਲ ਟਸਕਰ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ