1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

ਨਿੱਝਰ ਕਤਲਕਾਂਡ ਦੇ ਇੱਕ ਮੁਲਜ਼ਮ ਦੀ ਕਤਲ ਤੋਂ 2 ਦਿਨ ਪਹਿਲਾਂ ਵੀ ਅਦਾਲਤ ਵਿਚ ਹੋਈ ਸੀ ਪੇਸ਼ੀ

ਅਮਨਦੀਪ ਸਿੰਘ ਨੂੰ ਪਿਛਲੇ ਨਵੰਬਰ ਚ ਵੱਖਰੇ ਹਥਿਆਰ ਅਤੇ ਡਰੱਗ ਸਬੰਧੀ ਦੋਸ਼ਾਂ ਚ ਓਨਟੇਰਿਓ ਚ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ

ਅਮਨਦੀਪ ਸਿੰਘ ਨੂੰ ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਸਬੰਧ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ।

ਅਮਨਦੀਪ ਸਿੰਘ ਨੂੰ ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਸਬੰਧ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ।

ਤਸਵੀਰ: (IHIT)

RCI

ਸੀਬੀਸੀ ਨੂੰ ਜਾਣਕਾਰੀ ਮਿਲੀ ਹੈ ਕਿ ਸਿੱਖ ਕਾਰਕੁਨ ਹਰਦੀਪ ਸਿੰਘ ਨਿੱਝਰ ਦੇ ਕਤਲ ਵਿਚ ਗ੍ਰਿਫ਼ਤਾਰ ਕੀਤੇ ਚੌਥੇ ਮੁਲਜ਼ਮ ਖ਼ਿਲਾਫ਼ ਨਿੱਝਰ ਦੇ ਕਤਲ ਤੋਂ ਪਹਿਲਾਂ ਹੀ ਵੱਖਰੇ ਮਾਮਲਿਆਂ ਵਿਚ ਕਈ ਦੋਸ਼ ਆਇਦ ਸਨ।

ਪੁਲਿਸ ਅਨੁਸਾਰ ਭਾਰਤੀ ਨਾਗਰਿਕ ਅਮਨਦੀਪ ਸਿੰਘ ਟੈਂਪੋਰੈਰੀ ਵੀਜ਼ਾ ‘ਤੇ ਕੈਨੇਡਾ ਆਇਆ ਸੀ ਅਤੇ ਇੱਕ ਵੱਖਰੇ ਮਾਮਲੇ ਵਿਚ ਲੱਗੇ ਦੋਸ਼ਾਂ ਦੇ ਮਾਮਲੇ ਵਿਚ ਉਹ ਨਿੱਝਰ ਦੇ ਕਤਲ ਤੋਂ ਦੋ ਦਿਨ ਪਹਿਲਾਂ ਸਰੀ ਦੀ ਅਦਾਲਤ ਵਿਚ ਪੇਸ਼ ਹੋਇਆ ਸੀ। ਅਮਨਦੀਪ ਸਿੰਘ ਕਥਿਤ ਤੌਰ 'ਤੇ ਗੁਰੂ ਨਾਨਕ ਸਿੱਖ ਗੁਰਦੁਆਰੇ ਦੀ ਐਂਟਰੈਂਸ ‘ਤੇ ਲੁਕ ਕੇ ਨਿੱਝਰ ਦੀ ਉਡੀਕ ਕਰਨ ਵਾਲਿਆਂ ਵਿਚੋਂ ਇੱਕ ਸੀ। ਨਿੱਝਰ ਨੂੰ ਗੁਰਦੁਆਰੇ ਦੇ ਪਾਰਕਿੰਟ ਲੌਟ ਵਿਚ ਕਈ ਗੋਲੀਆਂ ਮਾਰੀਆਂ ਗਈਆਂ ਸਨ।

ਅਮਨਦੀਪ ਸਿੰਘ ਨੂੰ ਸਰੀ ਤੋਂ ਮਾਰਚ 2023 ਵਿਚ ਪੁਲਿਸ ਤੋਂ ਭੱਜਣ ਤੋਂ ਬਾਅਦ ਵਾਰੰਟ 'ਤੇ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ 'ਤੇ ਪੁਲਿਸ ਤੋਂ ਭੱਜਣ ਅਤੇ ਖ਼ਤਰਨਾਕ ਤਰੀਕੇ ਨਾਲ ਗੱਡੀ ਚਲਾਉਣ ਦਾ ਦੋਸ਼ ਲਗਾਇਆ ਗਿਆ ਸੀ ਅਤੇ 16 ਜੂਨ, 2023 ਨੂੰ ਉਸਦੀ ਅਦਾਲਤ ਵਿਚ ਪਹਿਲੀ ਪੇਸ਼ੀ ਸੀ। ਨਿੱਝਰ ਦਾ 18 ਜੂਨ ਨੂੰ ਕਤਲ ਕੀਤਾ ਗਿਆ ਸੀ।

ਅਦਾਲਤੀ ਦਸਤਾਵੇਜ਼ ਦਰਸਾਉਂਦੇ ਹਨ ਕਿ ਨਿੱਝਰ ਦੀ ਮੌਤ ਤੋਂ 19 ਦਿਨਾਂ ਬਾਅਦ 7 ਜੁਲਾਈ ਨੂੰ ਅਮਨਦੀਪ ਦਾ ਮਾਮਲਾ ਅਦਾਲਤ ਦੇ ਸਾਹਮਣੇ ਆਇਆ ਅਤੇ ਸਾਲ ਦੇ ਅਖ਼ੀਰ ਵਿਚ ਪੇਸ਼ੀ ਨਿਰਧਾਰਿਤ ਹੋਣ ਦੀ ਪ੍ਰਕਿਰਿਆ ਵਿਚ ਸੀ, ਅਤੇ ਇਸ ਦੌਰਾਨ ਬ੍ਰੈਂਪਟਨ ਵਿਚ ਪਿਛਲੇ ਸਾਲ ਨਵੰਬਰ ਵਿਚ ਉਸ ਖ਼ਿਲਾਫ਼ ਹਥਿਆਰਾਂ ਅਤੇ ਡਰੱਗਜ਼ ਦੇ ਵੱਖਰੇ ਦੋਸ਼ ਆਇਦ ਕੀਤੇ ਗਏ।

ਪਿਛਲੇ ਜੂਨ ਦੇ ਬੀਸੀ ਦੀ ਅਦਾਲਤ ਦੇ ਦਸਤਾਵੇਜ਼ ਇਹ ਵੀ ਦਰਸਾਉਂਦੇ ਹਨ ਕਿ ਅਮਨਦੀਪ ਸਿੰਘ ਨੇ ਹਥਿਆਰ ਨਾ ਰੱਖਣ ਅਤੇ ਕਿਸੇ ਵੀ ਗੱਡੀ ਦੀ ਡਰਾਈਵਰ ਸੀਟ 'ਤੇ ਨਾ ਹੋਣ ਲਈ ਸਹਿਮਤੀ ਦਿੰਦੇ ਹੋਏ ਇਕ ਸਮਝੌਤੇ 'ਤੇ ਦਸਤਖ਼ਤ ਕੀਤੇ ਸਨ।

ਅਮਨਦੀਪ ਸਿੰਘ 3 ਮਈ ਨੂੰ ਐਡਮੰਟਨ ਖੇਤਰ ਵਿੱਚ ਛਾਪੇਮਾਰੀ ਦੌਰਾਨ ਨਿੱਝਰ ਦੀ ਹੱਤਿਆ ਦੇ ਸਬੰਧ ਵਿੱਚ ਆਰਸੀਐਮਪੀ ਦੁਆਰਾ ਗ੍ਰਿਫਤਾਰ ਕੀਤੇ ਗਏ ਤਿੰਨ ਵਿਅਕਤੀਆਂ ਦੇ ਪਹਿਲੇ ਗਰੁੱਪ ਵਿੱਚ ਸ਼ਾਮਲ ਨਹੀਂ ਸੀ। ਉਸ ਸਮੇਂ, ਉਹ ਨਵੰਬਰ ਦੇ ਦੋਸ਼ਾਂ ਲਈ ਓਨਟੇਰਿਓ ਵਿੱਚ ਪਹਿਲਾਂ ਤੋਂ ਹੀ ਹਿਰਾਸਤ ਵਿੱਚ ਸੀ।

ਬੀਸੀ ਦੀ ਇੰਟੀਗ੍ਰੇਟੇਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ (IHIT) ਨੇ 11 ਮਈ ਨੂੰ ਅਮਨਦੀਪ ਨੂੰ ਚਾਰਜ ਕੀਤਾ ਸੀ। IHIT ਨੇ ਕਿਹਾ ਉਸਨੇ ਸਬੂਤ ਅਤੇ ਲੋੜੀਂਦੀ ਜਾਣਕਾਰੀ ਜੁਟਾਕੇ ਅਮਨਦੀਪ ਸਿੰਘ ਖ਼ਿਲਾਫ਼ ਪਹਿਲੇ ਦਰਜੇ ਦੇ ਕਤਲ ਅਤੇ ਕਤਲ ਦੀ ਸਾਜ਼ਿਸ਼ ਘੜਨ ਦੇ ਦੋਸ਼ ਆਇਦ ਕੀਤੇ ਹਨ।

ਬੁੱਧਵਾਰ ਨੂੰ ਅਮਨਦੀਪ ਸਿੰਘ ਓਨਟੇਰਿਓ ਦੀ ਇੱਕ ਜੇਲ੍ਹ ਤੋਂ ਵੀਡੀਓ ਕਾਨਫ਼੍ਰੰਸਿੰਗ ਰਾਹੀਂ ਸਰੀ ਦੀ ਸੂਬਾਈ ਅਦਾਲਤ ਵਿੱਚ ਪੇਸ਼ ਹੋਇਆ।

18 ਜੂਨ 2023 ਦੀ ਸ਼ਾਮਲ ਗੁਰੂ ਨਾਨਕ ਸਿੱਖ ਗੁਰਦੁਆਰੇ ਚੋਂ ਬਾਹਰ ਨਿਕਲਦਿਆਂ ਦੀ ਹਰਦੀਪ ਸਿੰਘ ਨਿੱਝਰ ਦੀ ਸਿਕਿਓਰਟੀ ਫ਼ੂਟੇਜ ਚੋ ਲਿੱਤੀ ਤਸਵੀਰ।

18 ਜੂਨ 2023 ਦੀ ਸ਼ਾਮਲ ਗੁਰੂ ਨਾਨਕ ਸਿੱਖ ਗੁਰਦੁਆਰੇ ਚੋਂ ਬਾਹਰ ਨਿਕਲਦਿਆਂ ਦੀ ਹਰਦੀਪ ਸਿੰਘ ਨਿੱਝਰ ਦੀ ਸਿਕਿਓਰਟੀ ਫ਼ੂਟੇਜ ਚੋ ਲਿੱਤੀ ਤਸਵੀਰ।

ਤਸਵੀਰ: ਨਾਮ ਨਸ਼ਰ ਨਹੀਂ ਕੀਤਾ ਜਾ ਰਿਹਾ

3 ਮਈ ਨੂੰ ਪਹਿਲਾਂ ਗ੍ਰਿਫਤਾਰ ਕੀਤੇ ਮੁਲਜ਼ਮਾਂ, ਕਰਨ ਬਰਾੜ, ਕਰਨਪ੍ਰੀਤ ਸਿੰਘ ਅਤੇ ਕਮਲਪ੍ਰੀਤ ਸਿੰਘ ਅਤੇ ਚੌਥੇ ਮੁਲਜ਼ਮ ਅਮਨਦੀਪ ਸਿੰਘ, ਸਾਰਿਆਂ ਖ਼ਿਲਾਫ਼ ਪਹਿਲੇ ਦਰਜੇ ਦੇ ਕਤਲ ਅਤੇ ਕਤਲ ਦੀ ਸਾਜ਼ਿਸ਼ ਘੜਨ ਦੇ ਦੋਸ਼ ਲਗਾਏ ਗਏ ਹਨ।

ਚਾਰੇ ਮੁਲਜ਼ਮਾਂ ਦੀ ਅਦਾਲਤ ਵਿਚ ਅਗਲੀ ਪੇਸ਼ੀ 21 ਮਈ ਨੂੰ ਹੋਵੇਗੀ। 

ਪੁਲਿਸ ਤਫ਼ਤੀਸ਼ ਦੇ ਅੰਦਰਲੇ ਸੂਤਰਾਂ, ਅਤੇ ਫਾਈਵ ਆਈਜ਼ ਦੇ ਭਾਈਵਾਲਾਂ ਨਾਲ ਖੁਫੀਆ ਜਾਣਕਾਰੀ ਇਕੱਠੀ ਕਰਨ ਅਤੇ ਖੁਫੀਆ ਜਾਣਕਾਰੀ ਸਾਂਝੀ ਕਰਨ ਦੀ ਜਾਣਕਾਰੀ ਰੱਖਣ ਵਾਲੇ ਕੈਨੇਡਾ ਸਰਕਾਰ ਦੇ ਸੂਤਰਾਂ ਨੇ ਸੀਬੀਸੀ ਨਿਊਜ਼ ਨੂੰ ਦੱਸਿਆ ਹੈ ਕਿ ਸਬੂਤ ਕਤਲ ਦੀ ਸਾਜ਼ਿਸ਼ ਨੂੰ ਸਿੱਧੇ ਤੌਰ 'ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਨਾਲ ਜੋੜਦੇ ਹਨ।

10 ਸਤੰਬਰ 2023 ਨੂੰ ਦਿੱਲੀ ਵਿਚ ਜੀ-20 ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ।

10 ਸਤੰਬਰ 2023 ਨੂੰ ਦਿੱਲੀ ਵਿਚ ਜੀ-20 ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ।

ਤਸਵੀਰ: AP / Sean Kilpatrick

ਬਾਕੀ ਤਿੰਨ ਮੁਲਜ਼ਮਾਂ ਵਾਂਗ, ਅਮਨਦੀਪ ਸਿੰਘ ਨੂੰ ਵੀ ਪੰਜਾਬੀ ਗੈਂਗਸਟਰ ਲੌਰੈਂਸ ਬਿਸ਼ਨੋਈ ਦੀ ਅਗਵਾਈ ਵਾਲੇ ਭਾਰਤੀ ਸੰਗਠਿਤ ਅਪਰਾਧ ਸਮੂਹ ਨਾਲ ਸਬੰਧਤ ਸਮਝਿਆ ਜਾ ਰਿਹੈ।

ਅਮਨਦੀਪ ਬ੍ਰੈਂਪਟਨ, ਸਰੀ ਅਤੇ ਐਬਟਸਫ਼ਰਡ ਤਿੰਨ ਸ਼ਹਿਰਾਂ ਵਿਚ ਰਹਿੰਦਾ ਰਿਹਾ ਹੈ ਅਤੇ ਇਨ੍ਹਾਂ ਤਿੰਨਾਂ ਸ਼ਹਿਰਾਂ ਵਿਚ ਵੱਡੀ ਸਿੱਖ ਆਬਾਦੀ ਹੈ।

ਪੀਲ ਰੀਜਨਲ ਪੁਲਿਸ ਦੇ ਸਪੈਸ਼ਲ ਇਨਫੋਰਸਮੈਂਟ ਬਿਊਰੋ ਵੱਲੋਂ 3 ਨਵੰਬਰ ਨੂੰ ਬ੍ਰੈਂਪਟਨ ਤੋਂ ਅਮਨਦੀਪ ਸਿੰਘ ਨੂੰ ਉਸਦੀ ਕਾਰ ਰੋਕੇ ਜਾਣ ਮਗਰੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲਿਸ ਦਾ ਕਹਿਣਾ ਹੈ ਕਿ ਉਸ ਕੋਲ ਫੈਬਰਿਕ ਨੈਸ਼ਨਲ ਮਾਡਲ 509 ਸੈਮੀ-ਆਟੋਮੈਟਿਕ ਪਿਸਟਲ ਅਤੇ ਵੀਹ 9mm ਰਾਉਂਡਾਂ ਨਾਲ ਭਰਿਆ 24-ਰਾਉਂਡ ਐਕਸਟੈਂਡਡ ਮੈਗਜ਼ੀਨ ਬਰਾਮਦ ਹੋਇਆ ਸੀ।

ਕੈਨੇਡੀਅਨ ਕਾਨੂੰਨ ਤਹਿਤ 10 ਤੋਂ ਵੱਧ ਰਾਊਂਡ ਰੱਖਣ ਵਾਲੇ ਮੈਗਜ਼ੀਨ ਦੇਸ਼ ਵਿਚ ਵਰਜਿਤ ਵਸਤੂਆਂ ਵਿਚ ਆਉਂਦੇ ਹਨ।

ਉਸੇ ਦਿਨ ਇੱਕ ਹੋਰ ਵਾਹਨ ਚੋਂ ਤਲਾਸ਼ੀ ਦੌਰਾਨ ਦੋ ਹੋਰ ਐਕਸਟੈਂਡਡ ਮੈਗਜ਼ੀਨ ਬਰਾਮਦ ਹੋਏ ਸਨ। ਅਮਨਦੀਪ ਸਿੰਘ ਨੂੰ ਹਥਿਆਰਾਂ ਨਾਲ ਸਬੰਧਤ ਕਈ ਦੋਸ਼ਾਂ ਅਤੇ ਨਸ਼ਾ ਰੱਖਣ ਦੇ ਦੋ ਮਾਮਲਿਆਂ ਵਿਚ ਚਾਰਜ ਕੀਤਾ ਗਿਆ ਸੀ।

ਦੋ ਵਾਹਨਾਂ ਨੂੰ ਰੋਕੇ ਜਾਣ ਵਿਚ 4 ਹੋਰ ਵਿਅਕਤੀਆਂ - 20 ਸਾਲ ਦੇ ਜੋਬਨਪ੍ਰੀਤ ਸਿੰਘ, 21 ਸਾਲ ਦੇ ਮਨਿੰਦਰ ਸਿੰਘ, 30 ਸਾਲ ਦੇ ਰਮਨਪ੍ਰੀਤ ਸਿੰਘ ਅਤੇ 20 ਸਾਲ ਦੇ ਸਵਰਨਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਹ ਚਾਰੇ ਬ੍ਰੈਂਪਟਨ ਦੇ ਰਹਿਣ ਵਾਲੇ ਹਨ ਅਤੇ ਇਸ ਸਮੇਂ ਹਿਰਾਸਤ ਵਿਚ ਹਨ। ਇਹ ਚਾਰੇ ਨਸ਼ੇ ਸਬੰਧਤ ਅਪਰਾਧਾਂ ਲਈ ਚਾਰਜ ਨਹੀਂ ਕੀਤੇ ਗਏ ਹਨ ਅਤੇ ਇਹ ਨਿੱਝਰ ਕਤਲਕਾਂਡ ਦੇ ਮੁਲਜ਼ਮ ਨਹੀਂ ਹਨ।

ਇਵੈਨ ਡਾਇਰ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ -ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ