1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

‘ਅਸੀਂ ਨਹੀਂ ਭੁੱਲਾਂਗੇ’: ਕੁਝ ਮੁਸਲਿਮ ਇਜ਼ਰਾਈਲ-ਹਮਾਸ ਯੁੱਧ ‘ਤੇ ਪੌਲੀਐਵ ਦੇ ਰੁਖ਼ ਨੂੰ ਕਿਵੇਂ ਦੇਖਦੇ ਹਨ

ਕੰਜ਼ਰਵੇਟਿਵ ਪਾਰਟੀ ਮੁਸਲਮਾਨਾਂ ਨਾਲ ਸਬੰਧਾਂ ਨੂੰ ਹੁਲਾਰਾ ਦੇਣ ਦੀ ਕੋਸ਼ਿਸ਼ ਕਰ ਰਹੀ ਹੈ

ਕੰਜ਼ਰਵੇਟਿਵ ਲੀਡਰ ਪੌਅਰ ਪੌਲੀਐਵ 20 ਮਾਰਚ 2024 ਨੂੰ ਪਾਰਲੀਮੈਂਟ ਵਿਚ ਬੋਲਦੇ ਹੋਏ।

ਕੰਜ਼ਰਵੇਟਿਵ ਲੀਡਰ ਪੌਅਰ ਪੌਲੀਐਵ 20 ਮਾਰਚ 2024 ਨੂੰ ਪਾਰਲੀਮੈਂਟ ਵਿਚ ਬੋਲਦੇ ਹੋਏ।

ਤਸਵੀਰ: THE CANADIAN PRESS/Spencer Colby

RCI

ਇੱਕ ਖੇਤਰੀ ਮੁਸਲਿਮ ਹਿਮਾਇਤੀ ਗਰੁੱਪ ਦੇ ਬੁਲਾਰੇ ਦਾ ਕਹਿਣਾ ਹੈ ਕਿ ਇਜ਼ਰਾਈਲ-ਹਮਾਸ ਯੁੱਧ ‘ਤੇ ਕੰਜ਼ਰਵੇਟਿਵ ਲੀਡਰ ਪੀਅਰ ਪੌਲੀਐਵ ਦਾ ਰੁਖ਼ ਮੁਸਲਿਮ ਕੈਨੇਡੀਅਨਜ਼ ਦੇ ਕੰਜ਼ਰਵੇਟਿਵ ਪਾਰਟੀ ਨਾਲ ਸਬੰਧਾਂ ਨੂੰ ਪੇਚੀਦਾ ਬਣਾ ਸਕਦਾ ਹੈ।

ਲੰਡਨ, ਓਨਟੇਰਿਓ ਦੀ ਹਿਕਮਾ ਪਬਲਿਕ ਅਫੇਅਰਜ਼ ਕੌਂਸਲ ਦੇ ਨਵਾਜ਼ ਤਾਹਿਰ ਪਿਛਲੀ ਗਰਮੀਆਂ ਦੌਰਾਨ ਪੀਅਰ ਪੌਲੀਐਵ ਦੇ ਪਾਟਰੀ ਯਤਨਾਂ ਦੌਰਾਨ ਉਨ੍ਹਾਂ ਨੂੰ ਮਿਲੇ ਸਨ।

ਤਾਹਿਰ ਦਾ ਕਹਿਣਾ ਹੈ ਕਿ ਪੌਲੀਐਵ ਨੇ ਮੁਸਲਮਾਨਾਂ ਨਾਲ ਹਮਦਰਦੀ ਦਿਖਾਉਣ ਦੇ ਮੌਕੇ ਗੁਆ ਦਿੱਤੇ ਹਨ ਅਤੇ ਤਾਹਿਰ ਅਨੁਸਾਰ ਹੁਣ ਰਿਸ਼ਤੇ ਬਣਾਉਣਾ ਮੁਸ਼ਕਲ ਹੋ ਸਕਦਾ ਹੈ।

ਗਾਜ਼ਾ ਵਿੱਚ ਤੁਰੰਤ ਜੰਗਬੰਦੀ ਦੀ ਮੰਗ ਕਰਨ ਲਈ ਪੌਲੀਐਵ ਦੀ ਝਿਜਕ ਜਨਵਰੀ ਵਿੱਚ ਉਦੋਂ ਸਾਹਮਣੇ ਆਈ ਸੀ ਜਦੋਂ ਕੰਜ਼ਰਵੇਟਿਵ ਐਮਪੀ ਗਾਰਨੇਟ ਜੈਨੁਇਸ ਨੇ ਮਿਸੀਸਾਗਾ ਦੇ ਪਾਕਿਸਤਾਨੀ ਅਤੇ ਮੁਸਲਿਮ ਭਾਈਚਾਰਿਆਂ ਦੇ ਮੈਂਬਰਾਂ ਨਾਲ ਮੁਲਾਕਾਤ ਕੀਤੀ ਸੀ।

ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੇ ਗਏ ਇੱਕ ਵੀਡੀਓ ਵਿੱਚ, ਜੈਨੁਇਸ ਸਵੀਕਾਰ ਕਰਦੇ ਹਨ ਕਿ ਪਾਰਟੀ ਦਾ ਪੱਖ 100 % ਇਸ [ਤੁਰੰਤ ਜੰਗਬੰਦੀ ਦੀ ਮੰਗ] ਨਾਲ ਸਹਿਮਤ ਨਹੀਂ ਹੋ ਸਕਦਾ, ਪਰ ਉਨ੍ਹਾਂ ਕਿਹਾ ਕਿ ਹਮਾਸ ਨੂੰ ਹਰਾਉਣਾ ਫਲਸਤੀਨੀਆਂ ਲਈ ਸਥਾਈ ਸ਼ਾਂਤੀ ਸਥਾਪਤ ਕਰਨ ਲਈ ਬੇਹੱਦ ਜ਼ਰੂਰੀ ਹੈ।

ਇੱਕ ਕੰਜ਼ਰਵੇਟਿਵ ਬੁਲਾਰੇ ਨੇ ਕਿਹਾ ਕਿ ਪੌਲੀਐਵ ਨੇ ਸਪੱਸ਼ਟ ਤੌਰ 'ਤੇ ਕਿਹਾ ਹੈ ਕਿ ਇਜ਼ਰਾਈਲ ਨੂੰ ਆਪਣੀ ਰੱਖਿਆ ਕਰਨ ਦਾ ਅਧਿਕਾਰ ਹੈ ਅਤੇ ਫਲਸਤੀਨੀਆਂ ਨੂੰ ਹਮਾਸ ਦੁਆਰਾ ਸ਼ੁਰੂ ਕੀਤੀ ਗਈ ਜੰਗ ਦੇ ਨਤੀਜੇ ਵਜੋਂ ਮਨੁੱਖੀ ਰਾਹਤ ਦੀ ਲੋੜ ਹੈ।

ਕੰਜ਼ਰਵੇਟਿਵਜ਼ ਨਵੇਂ ਪਰਵਾਸੀਆਂ ਅਤੇ ਧਾਰਮਿਕ ਭਾਈਚਾਰਿਆਂ ਵਿੱਚ ਸਮਰਥਨ ਵਧਾਉਣ ਦੇ ਸਮੁੱਚੇ ਯਤਨਾਂ ਦੇ ਹਿੱਸੇ ਵਜੋਂ ਮੁਸਲਮਾਨਾਂ ਅਤੇ ਹੋਰਾਂ ਨਾਲ ਪਾਰਟੀ ਦੇ ਸਬੰਧਾਂ ਨੂੰ ਹੁਲਾਰਾ ਦੇਣ ਦੀ ਕੋਸ਼ਿਸ਼ ਕਰ ਰਹੇ ਹਨ।

ਤਾਹਿਰ ਦਾ ਕਹਿਣਾ ਹੈ ਕਿ ਮੁਸਲਮਾਨ ਸੰਯੁਕਤ ਰਾਸ਼ਟਰ ਦੀ ਸਹਾਇਤਾ ਏਜੰਸੀ ਨੂੰ ਫੰਡ ਦੇਣ ਬਾਰੇ ਪੌਲੀਐਵ ਦੇ ਵਿਰੋਧ ਕਰਕੇ ਵੀ ਉਨ੍ਹਾਂ ਤੋਂ ਨਿਰਾਸ਼ ਹੋਏ ਹਨ। ਸੰਯੁਕਤ ਰਾਸ਼ਟਰ ਦੀ ਏਜੰਸੀ (UNRWA) ਦੇ ਕੁਝ ਮੁਲਾਜ਼ਮਾਂ ‘ਤੇ 7 ਅਕਤੂਬਰ ਦੇ ਹਮਾਸ ਹਮਲਿਆਂ ਵਿੱਚ ਕਿਸੇ ਕਿਸਮ ਦੀ ਭੂਮਿਕਾ ਦਾ ਦੋਸ਼ ਲੱਗਾ ਸੀ।

ਤਾਹਿਰ ਨੇ ਕਿਹਾ ਕਿ ਇੰਟਰਨੈਸ਼ਨਲ ਕੋਰਟ ਆਫ਼ ਜਸਟਿਸ ਵਿੱਚ ਇਜ਼ਰਾਈਲ ਦੇ ਖਿਲਾਫ ਲਿਆਂਦੇ ਗਏ ਕੇਸ ਨੂੰ ਵੀ ਪੌਲੀਐਵ ਵੱਲੋਂ ਨਿੰਦਣ ਕਰਕੇ ਵੀ ਉਨ੍ਹਾਂ ਪ੍ਰਤੀ ਅਸੰਤੁਸ਼ਟੀ ਵਧੀ ਹੈ।

ਤਾਹਿਰ ਨੇ ਇੱਕ ਤਾਜ਼ਾ ਇੰਟਰਵਿਊ ਵਿੱਚ ਕਿਹਾ, ਅਸੀਂ ਨਹੀਂ ਭੁੱਲਾਂਗੇ। ਇਸ ਗੱਲ ਦੀ ਕੋਈ ਸੰਭਾਵਨਾ ਨਹੀਂ ਹੈ ਕਿ ਮੁਸਲਿਮ ਭਾਈਚਾਰਾ ਕੰਜ਼ਰਵੇਟਿਵਜ਼ ਦੇ ਪੱਖ ਨੂੰ ਭੁੱਲ ਜਾਵੇਗਾ

ਦ ਕੈਨੇਡੀਅਨ ਪ੍ਰੈੱਸ
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ